ਨਵੀਂ ਦਿੱਲੀ - ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਵਿਖੇ ਕਰਵਾਏ ਗਏ ਲੜੀਵਾਰ ਧਾਰਮਿਕ ਸਮਾਗਮ ਚੜ੍ਹਦੀਕਲਾ ਅਤੇ ਗੁਰਸਿੱਖੀ ਜਜ਼ਬੇ ਨਾਲ ਸੰਪੂਰਨ ਹੋਏ। ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਅਤੇ ਨਾਮ ਸਿਮਰਨ ਦਾ ਆਨੰਦ ਮਾਣਿਆ। ਗੁਰਦੁਆਰਾ ਸਾਹਿਬ ਦਾ ਮਾਹੌਲ ਪੂਰੀ ਤਰ੍ਹਾਂ ਆਧਿਆਤਮਿਕ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਸੰਗਤਾਂ ਨੇ ਬੜੀ ਸ਼ਰਧਾ ਨਾਲ ਸੇਵਾ ਅਤੇ ਸਿਮਰਨ ਵਿੱਚ ਹਿੱਸਾ ਲਿਆ। ਇਸ ਮੌਕੇ ਭਾਈ ਸ਼ੁਭਦੀਪ ਸਿੰਘ, ਭਾਈ ਜਸਪ੍ਰੀਤ ਸਿੰਘ ਸੋਨੂੰ ਅਤੇ ਭਾਈ ਭੁਪਿੰਦਰ ਸਿੰਘ ਸਮੇਤ ਹੋਰ ਰਾਗੀ ਜਥਿਆਂ ਨੇ ਹਾਜ਼ਰੀ ਭਰਦਿਆਂ ਇਲਾਹੀ ਬਾਣੀ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਰਾਗੀ ਜਥਿਆਂ ਵੱਲੋਂ ਕੀਤੇ ਗਏ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰਾਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਅਸਲ ਸਿਧਾਂਤਾਂ ਨਾਲ ਜੋੜਦਿਆਂ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੁੜਨ ਅਤੇ ਸਮਾਜ ਵਿੱਚ ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਵੀ ਦਿੱਤਾ ਗਿਆ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਚੱਲ ਰਹੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਅਤੇ ਨੌਜਵਾਨਾਂ ਲਈ ਨਾਂ-ਮਾਤਰ ਫੀਸ ’ਤੇ ਵੱਖ-ਵੱਖ ਤਕਨੀਕੀ ਅਤੇ ਸਿੱਖਿਆ ਸੰਬੰਧੀ ਕੋਰਸ ਕਰਵਾਏ ਜਾ ਰਹੇ ਹਨ, ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਰੋਜ਼ਗਾਰ ਦੇ ਯੋਗ ਬਣ ਸਕਣ। ਕੋਰਸ ਪੂਰੇ ਕਰਨ ਉਪਰੰਤ ਨੌਕਰੀ ਲਈ ਵੀ ਮਦਦ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀ ਸਿੱਖਿਆ ਦੇਣ ਲਈ ਵਿਸ਼ੇਸ਼ ਕਲਾਸਾਂ ਵੀ ਚਲਾਈਆਂ ਜਾ ਰਹੀਆਂ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਮਨੁੱਖਤਾ ਦੀ ਭਲਾਈ ਲਈ ਗੁਰਦੁਆਰਾ ਸਾਹਿਬ ਵੱਲੋਂ ਸਿਹਤ ਸੇਵਾਵਾਂ ਵੀ ਨਿਰੰਤਰ ਜਾਰੀ ਹਨ, ਜਿਨ੍ਹਾਂ ਵਿੱਚ ਹਸਪਤਾਲ ਅਤੇ ਓਪੀਡੀ ਸਹੂਲਤਾਂ ਰਾਹੀਂ ਲੋੜਵੰਦ ਅਤੇ ਬਿਮਾਰ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਵੀ ਸਮੇਂ-ਸਮੇਂ ’ਤੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ 20 ਮਈ ਨੂੰ ਗਿਆਨੀ ਜਸਬੀਰ ਸਿੰਘ ਸਵੇਰ, 23 ਮਈ ਨੂੰ ਭਾਈ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਰਾਤ ਨੂੰ ਅਤੇ 31 ਮਈ ਦੀ ਸਵੇਰ ਅਤੇ ਰਾਤ ਨੂੰ ਭਾਈ ਸ਼ੁਭਦੀਪ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਉਚੇਚੇ ਤੌਰ ਤੇ ਹਾਜ਼ਿਰੀ ਭਰ ਰਹੇ ਹਨ ਅਤੇ ਆਉਣ ਵਾਲੇ ਜੂਨ ਮਹੀਨੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਪ੍ਰਸਿੱਧ ਰਾਗੀ ਜਥੇ ਅਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਣਗੇ।